75ਵੇਂ ਗਣਤੰਤਰ ਦਿਵਸ ਮੌਕੇ ਦਿੱਲੀ ਦੇ ਕਰਤੱਵ ਪੱਥ ’ਤੇ ਹੋਣ ਵਾਲੇ ਸਮਾਗਮ ਵਿਚ ਪੰਜਾਬ ਦੀ ਧੀ ਸੂਬੇ ਦਾ ਮਾਣ ਵਧਾਉਂਦੀ ਨਜ਼ਰ ਆਵੇਗੀ। ਦਰਅਸਲ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਕਮਲਜੀਤ ਕੌਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਸਬੰਧਤ ਝਾਕੀ ਦੀ ਅਗਵਾਈ ਕਰੇਗੀ।
ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੀ ਝਾਕੀ ‘ਚ ਕਮਲਜੀਤ ਕੌਰ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। 26 ਜਨਵਰੀ ਨੂੰ ਹੋਣ ਵਾਲੀ ਗਣਤੰਤਰ ਦਿਵਸ ਪਰੇਡ ‘ਚ ਕਰਤੱਵ ਪੱਥ ‘ਤੇ ਦੇਸ਼ ਦੀਆਂ ਫੌਜੀ ਸ਼ਕਤੀਆਂ, ਸੱਭਿਆਚਾਰ , ਤਰੱਕੀ ਅਤੇ ਉਪਲਬਧੀਆਂ ਨਾਲ ਸਬੰਧਤ ਝਾਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਝਾਂਕੀਆਂ ਵਿਚ ਭਵਿੱਖ ਦੇ ਭਾਰਤ ਦੀ ਵੀ ਇਕ ਝਲਕ ਦਿਖਾਈ ਦਿੰਦੀ ਹੈ।
ਕਮਲਜੀਤ ਦੇ ਪਿਤਾ ਜਸਬੀਰ ਚੰਦ ਨੇ ਦਸਿਆ ਕਿ ਉਨ੍ਹਾਂ ਦੀ ਧੀ ਪਿਛਲੇ 3 ਸਾਲ ਤੋਂ ਇਸ ਝਾਕੀ ਦਾ ਹਿੱਸਾ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਵਾਰ ਉਸ ਦੀ ਮਿਹਨਤ ਰੰਗ ਲਿਆਈ ਹੈ। ਇਸ ਗੱਲ ਨੂੰ ਲੈ ਕੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ। ਕਮਲਜੀਤ ਦੇ ਮਾਤਾ-ਪਿਤਾ ਨੂੰ ਅਪਣੀ ਧੀ ਉਤੇ ਮਾਣ ਮਹਿਸੂਸ ਹੋ ਰਿਹਾ ਹੈ।
ਦੂਜੇ ਪਾਸੇ ਨਵੀਂ ਦਿੱਲੀ ਵਿਖੇ ਰਿਹਰਸਲ ਕਰ ਰਹੀ ਕਮਲਜੀਤ ਨੇ ਫੋਨ ’ਤੇ ਦਸਿਆ ਕਿ ਇਸ ਝਾਂਕੀ ਵਿਚ ਕੁੱਲ 11 ਕਲਾਕਾਰ ਹਨ ਅਤੇ ਉਹ ਝਾਂਕੀ ਦੀ ਅਗਵਾਈ ਕਰੇਗੀ। ਝਾਂਕੀ ਦਾ ਉਦੇਸ਼ ਬਨਾਵਟੀ ਬੁੱਧੀ ਦੀ ਮਹਤੱਤਾ ਅਤੇ ਜ਼ਰੂਰਤ ਨੂੰ ਸਮਝਾਉਣਾ ਹੈ।
ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਸੰਖੇਪ ਵਿਚ ਏਆਈ- ਇਕ ਅਜਿਹੀ ਤਕਨੀਕ ਹੈ ਜੋ ਕੰਪਿਊਟਰ ਨੂੰ ਵਧੇਰੇ ‘ਮਨੁੱਖੀ’ ਤਰੀਕੇ ਨਾਲ ਸੋਚਣ ਜਾਂ ਕੰਮ ਕਰਨ ਦੇ ਯੋਗ ਬਣਾਉਂਦੀ ਹੈ। ਇਹ ਤਕਨੀਕ ਅਪਣੇ ਆਲੇ-ਦੁਆਲੇ ਤੋਂ ਜਾਣਕਾਰੀ ਲੈ ਕੇ ਜੋ ਕੁੱਝ ਸਿੱਖਦੀ ਹੈ ਜਾਂ ਮਹਿਸੂਸ ਕਰਦੀ ਹੈ ਉਸ ਦੇ ਆਧਾਰ ‘ਤੇ ਅਪਣੇ ਜਵਾਬ ਤਿਆਰ ਕਰਦੀ ਹੈ। ਸਰਲ ਸ਼ਬਦਾਂ ਵਿਚ ਮਨੁੱਖੀ ਵਿਚਾਰਾਂ ਨੂੰ ਮਸ਼ੀਨ ਰਾਹੀਂ ਨਕਲ ਕਰਨ ਦੀ ਸਮਰਥਾ ਨੂੰ ਆਰਟੀਫੀਸ਼ੀਅਲ ਇੰਟੈਲੀਜਸ ਕਿਹਾ ਜਾਂਦਾ ਹੈ।