ਮੰਡੀ ਗੋਬਿੰਦਗੜ੍ਹ ਦੇ ਇੱਕ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਦਿਨ ਦਿਹਾੜੇ ਲੱਖਾਂ ਰੁਪਏ ਦੀ ਲੁੱਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰੇਮ ਨਗਰ ਵਿੱਚ ਸਥਿਤ ਇਕ ਸਨਅਤੀ ਇਕਾਈ ਦੇ ਮਾਲਕ ਕਮਲਦੀਪ ਦੀ ਮਾਤਾ ਦਾ ਅੱਜ ਭੋਗ ਸੀ। ਸਾਰਾ ਪਰਿਵਾਰ ਮੰਦਰ ਭੋਗ ਸਮਾਗਮ ਵਿੱਚ ਸ਼ਾਮਿਲ ਹੋਣ ਗਿਆ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰ ਵਿਚ ਸਵਾਰ ਕੁਝ ਵਿਅਕਤੀਆਂ ਨੇ ਵੱਲੋਂ ਉਨ੍ਹਾਂ ਦੇ ਪ੍ਰੇਮ ਨਗਰ ਸਥਿਤ ਦਫਤਰ ਵਿੱਚ 26 ਲੱਖ ਰੁਪਏ ਦੇ ਕਰੀਬ ਨਕਦੀ ਦੀ ਲੁੱਟ ਕਰ ਲਈ। ਜਾਣਕਾਰੀ ਅਨੁਸਾਰ ਲੁਟੇਰਿਆਂ ਵੱਲੋਂ ਦਫਤਰ ਵਿੱਚ ਸਥਿਤ ਨੇਪਾਲੀ ਨੌਕਰ ਨੂੰ ਬੰਧਕ ਬਣਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਆਸ ਪਾਸ ਲੱਗੇ ਸੀਸੀ ਟੀਵੀ ਫੁਟੇਜ ਵਿੱਚ ਲੁਟੇਰਿਆਂ ਦੀਆਂ ਤਸਵੀਰਾਂ ਵੀ ਕੈਦ ਹੋ ਗਈਆਂ ਜਿਸ ਸਬੰਧੀ ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਸੋਸ਼ਲ ਮੀਡੀਆ ਤੇ ਇਹ ਵੀਡੀਓ ਅਤੇ ਤਸਵੀਰਾਂ ਪਾ ਕੇ ਥਾਣਾ ਮੁਖੀ ਮੰਡੀ ਗੋਬਿੰਦਗੜ੍ਹ ਦਾ ਨੰਬਰ ਵੀ ਦਿੱਤਾ ਗਿਆ ਹੈ ਪ੍ਰੰਤੂ ਜਦੋਂ ਇਸ ਸਰਕਾਰੀ ਨੰਬਰ ਤੇ ਸੰਪਰਕ ਕੀਤਾ ਗਿਆ ਤਾਂ ਇਹ ਨੰਬਰ ਕਿਸੇ ਵੱਲੋਂ ਨਹੀਂ ਚੁੱਕਿਆ ਗਿਆ। ਜਦੋਂ ਇਸ ਸਬੰਧੀ ਡੀਐਸਪੀ ਹਰਪਿੰਦਰ ਕੌਰ ਗਿੱਲ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਇਹ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਮੰਡੀ ਗੋਬਿੰਦਗੜ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਮੰਡੀ ਹੈ ਇੱਥੇ ਹਰ ਰੋਜ਼ ਲੱਖਾਂ ਰੁਪਏ ਹੀ ਨਹੀਂ ਕਰੋੜਾਂ ਰੁਪਏ ਦਾ ਲੈਣ ਹੁੰਦਾ ਹੈ। ਦਿਨ ਪ੍ਰਤੀ ਦਿਨ ਵੱਧ ਰਹੀਆਂ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਲੈ ਕੇ ਵਪਾਰੀਆਂ ਅਤੇ ਸ਼ਹਿਰ ਨਿਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ।