indiradio

ਪੁਲੀਸ ਨੇ ਜਾਅਲੀ ਸੀਬੀਐਸਈ ਅਤੇ ਓਪਨ ਸਕੂਲ ਸਰਟੀਫਿਕੇਟ ਬਣਾਉਣ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਜਾਅਲੀ ਸੀਬੀਐਸਈ ਅਤੇ ਓਪਨ ਸਕੂਲ ਸਰਟੀਫਿਕੇਟ ਬਣਾਉਣ ਵਾਲਾ ਗਰੋਹ ਸਰਗਰਮ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਾਂਚ ਮਗਰੋਂ ਪੁਲੀਸ ਨੇ ਅਨੁਰਾਗ ਡਾਬਰ ਪੁੱਤਰ ਰਾਮ ਪ੍ਰਕਾਸ਼ ਵਾਸੀ ਬੀ-46 ਨਿਊ ਵਿਨੈ ਨਗਰ ਲੰਬੀ ਪਿੰਡ ਜਲੰਧਰ ਅਤੇ ਰਾਘਵ ਚੱਢਾ ਪੁੱਤਰ ਨਰੇਸ਼ ਚੰਦਰ ਵਾਸੀ ਐੱਨ.ਡੀ.-193/ਓ. 11 ਮੁਹੱਲਾ ਫਤਿਹਪੁਰੀ ਟਾਂਡਾ ਰੋਡ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਖਿਲਾਫ਼ ਥਾਣਾ ਡਿਵੀਜ਼ਨ 8 ਜਲੰਧਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਗਰੋਹ ਵੱਡੇ ਪੱਧਰ ’ਤੇ ਜਾਅਲੀ ਸਰਟੀਫਿਕੇਟ ਬਣਾਉਣ ਵਿਚ ਸ਼ਾਮਲ ਸੀ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ ਕੰਪਿਊਟਰ ਸੈੱਟ ਸਣੇ ਪ੍ਰਿੰਟਰ ਅਤੇ 600 ਦੇ ਕਰੀਬ ਜਾਅਲੀ ਸਰਟੀਫਿਕੇਟ ਬਰਾਮਦ ਕੀਤੇ ਹਨ।

ਉਨ੍ਹਾਂ ਕਿਹਾ ਕਿ ਅਨੁਰਾਗ ਡਾਬਰ ਇੱਕ ਪ੍ਰਾਈਵੇਟ ਸਕੂਲ ਦਾ ਪ੍ਰਿੰਸੀਪਲ ਹੈ, ਵਿਦਿਆਰਥੀਆਂ ਤੋਂ ਡੇਟਾ ਇਕੱਠਾ ਕਰ ਕੇ ਦੂਜੇ ਮੁਲਜ਼ਮ ਰਾਘਵ ਨੂੰ ਭੇਜਦਾ ਸੀ। ਸਵਪਨ ਸ਼ਰਮਾ ਨੇ ਦੱਸਿਆ ਕਿ ਰਾਘਵ ਕੰਪਿਊਟਰ ਦੀ ਵਰਤੋਂ ਕਰ ਕੇ ਡੇਟਾ ਤੋਂ ਜਾਅਲੀ ਸਰਟੀਫਿਕੇਟ ਤਿਆਰ ਕਰਦਾ ਸੀ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਹ ਗਰੋਹ ਸਰਟੀਫਿਕੇਟਾਂ ਨੂੰ 20,000 ਰੁਪਏ ਤੋਂ ਲੈ ਕੇ 25,000 ਰੁਪਏ ਤੱਕ ਦੀ ਕੀਮਤ ਵਿੱਚ ਵੇਚਦਾ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

January 20, 2024

Written by:

X