ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਗ੍ਰਿਫਤਾਰ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਦੀ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਸ਼ੁੱਕਰਵਾਰ ਨੂੰ ਆਪਣੇ ਫੈਸਲੇ ‘ਚ ਕਿਹਾ ਕਿ ਜੇਕਰ ਚੈੱਕ ਗਣਰਾਜ ਦੀ ਸਰਕਾਰ ਚਾਹੇ ਤਾਂ ਉਹ ਇਕ ਭਾਰਤੀ ਵਿਅਕਤੀ ਨੂੰ ਅਮਰੀਕਾ ਹਵਾਲੇ ਕਰ ਸਕਦੀ ਹੈ, ਜਿਸ ‘ਤੇ ਅਮਰੀਕੀ ਧਰਤੀ ‘ਤੇ ਇਕ ਸਿੱਖ ਵੱਖਵਾਦੀ ਦੀ ਹੱਤਿਆ ਦੀ ਅਸਫਲ ਸਾਜ਼ਿਸ਼ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਚੈੱਕ ਨਿਆਂ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਨਿਖਿਲ ਗੁਪਤਾ ਦੀਆਂ ਸਾਰੀਆਂ ਉਮੀਦਾਂ ਹੁਣ ਚੈੱਕ ਸਰਕਾਰ ਦੇ ਨਿਆਂ ਮੰਤਰੀ ਪਾਵੇਲ ਬਲੇਜ਼ਕ ‘ਤੇ ਟਿਕੀਆਂ ਹੋਈਆਂ ਹਨ। ਦਰਅਸਲ, ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ 52 ਸਾਲਾ ਦੋਸ਼ੀ ਨਿਖਿਲ ਗੁਪਤਾ ਦੀ ਹਵਾਲਗੀ ‘ਤੇ ਅੰਤਿਮ ਫੈਸਲਾ ਨਿਆਂ ਮੰਤਰੀ ਪਾਵੇਲ ਬਲੇਜ਼ਕ ਦੇ ਹੱਥ ‘ਚ ਹੋਵੇਗਾ। ਨਿਖਿਲ ਗੁਪਤਾ ‘ਤੇ ਅਮਰੀਕੀ ਸਰਕਾਰੀ ਵਕੀਲਾਂ ਨੇ ਪਿਛਲੇ ਸਾਲ ਨਵੰਬਰ ‘ਚ ਮੁਕੱਦਮਾ ਕੀਤਾ ਸੀ। ਇਸ ਵਿਚ ਗੁਰਪਤਵੰਤ ਪੰਨੂ ਨੂੰ ਅਮਰੀਕੀ ਧਰਤੀ ‘ਤੇ ਮਾਰਨ ਦੀ ਅਸਫਲ ਸਾਜ਼ਿਸ਼ ਵਿਚ ਭਾਰਤ ਸਰਕਾਰ ਦੇ ਇਕ ਕਰਮਚਾਰੀ ਨਾਲ ਕੰਮ ਕਰਨ ਦਾ ਦੋਸ਼ ਲਗਾਇਆ ਗਿਆ ਸੀ।